ਸਤਿ ਸ਼੍ਰੀ ਅਕਾਲ, ਲਫ਼ਜ਼ਾਂ ਦਾ ਪੁਲ 'ਤੇ ਜੀ ਆਇਆਂ ਨੂੰ

ਹਿੰਦੀ ਕਵਿਤਾ: ਮੇਰੇ ਘਰ ਚੱਲੋਗੇ-ਪਾਵਸ ਨੀਰ/ਪੰਜਾਬੀ ਅਨੁਵਾਦ: ਦੀਪ ਜਗਦੀਪ ਸਿੰਘ

Written By ਲਫ਼ਜ਼ਾਂ ਦਾ ਸੇਵਾਦਾਰ on Oct 5, 2011 | 8:45 PM


ਓਥੇ ਖੂੰਜੇ 'ਚ ਇਕੱਲਾ ਖੜਾ ਹੈ ਮੇਰਾ ਬੱਲਾ
ਤੇ ਕਦੋਂ ਦੀ ਖਪਰੈਲ ਤੇ ਫਸੀ ਹੋਈ ਹੈ ਭਰਾ ਦੀ ਗੇਂਦ
ਘਰ ਚੱਲੋ
ਉਸਨੂੰ ਉਤਾਰਾਂਗੇ, ਮਨ ਬਹਿਲ ਜਾਵੇਗਾ
ਓਥੇ ਹੀ ਮੇਰੇ ਗਵਾਂਢ ਫਿਰਦਾ ਹੈ ਇਕ ਪੋਟਲੀ ਵਾਲਾ
ਉਹਨੇ ਆਪਣੀ ਬੋਰੀ ਚ ਲੁਕਾਏ ਨੇ ਕਿੰਨੇ ਬਚਪਨ
ਘਰ ਚੱਲੋ
ਉਸ ਤੋਂ ਥੋੜੀ ਕਵਿਤਾ ਉਧਾਰ ਮੰਗ ਲਿਆਵਾਂਗੇ
ਉਸੇ ਰਾਹ ਤੇ ਪੈਂਦਾ ਹੈ ਬੁੱਢਾ ਪਿੱਪਲ
ਉਸਦੇ ਹੇਠਾਂ ਪੂਰਾ ਦਿਨ ਸੁੱਤੀ ਰਹਿੰਦੀ ਹੈ ਰਾਤ
ਘਰ ਚੱਲੋ
ਉਸ ਨੂੰ ਜਗਾ ਕੇ ਪੁਛਾਂਗੇ ਚੰਨ ਦਾ ਪਤਾ
ਤੁਸੀ ਕਹਿ ਰਹੇ ਸੀ ਕਲ਼, ਬੜੀ ਗਰਮੀ ਹੈ ਏਥੇ?
ਉਥੇ ਵੀ ਸਰਦੀਆਂ 'ਚ ਵੀ ਬਰਫ ਨਹੀਂ ਪੈਂਦੀ ਕਦੇ
ਸ਼ਾਇਦ ਹਾਲੇ ਵੀ ਪੱਤਿਆਂ 'ਤੇ ਪੈਦੀ ਹੋਵੇ ਤਰੇਲ
ਘਰ ਚੱਲੋ
ਉਂਗਲੀਆਂ 'ਤੇ ਤਿਲਕਦੇ ਮੋਤੀ ਵੇਖਾਂਗੇ
ਇੱਥੇ ਚੁਭਦਾ ਹੈ ਸੂਰਜ ਬੜਾ
ਮਾਂ ਨੇ ਰੌਸ਼ਨਦਾਨ 'ਚ ਥੋੜੀ ਧੁੱਪ ਲੁਕਾ ਕੇ ਰੱਖੀ ਹੈ
ਬੋਲੋ ਨਾ ਮੇਰੇ ਘਰ ਚੱਲੋਗੇ?
-ਪਾਵਸ ਨੀਰ, ਝਾਰਖੰਡ
ਪੰਜਾਬੀ ਅਨੁਵਾਦ-ਦੀਪ ਜਗਦੀਪ ਸਿੰਘ
8:45 PM | 0 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਦੋ ਕਵਿਤਾਵਾਂ: ਗੁਰੂਦੇਵ ਰਵੀਂਦ੍ਰ ਨਾਥ ਟੈਗੋਰ/ਪੰਜਾਬੀ ਅਨੁਵਾਦ: ਡਾ. ਸੁਰਜੀਤ ਪਾਤਰ

Written By ਲਫ਼ਜ਼ਾਂ ਦਾ ਸੇਵਾਦਾਰ on Sep 14, 2011 | 6:19 PM





ਭਾਈ ਤਾਰੂ ਸਿੰਘ

ਮੈਨੂੰ ਤੇਰੀ ਭਰੀ ਜਵਾਨੀ ਤੇ ਆਉਂਦਾ ਹੈ ਰਹਿਮ
ਜਾਹ ਮੈਂ ਬਖ਼ਸ਼ਦਾਂ ਹਾਂ ਤੇਰੀ ਜਾਨ ਜਾਹ
ਡਾ. ਸੁਰਜੀਤ ਪਾਤਰ
ਗੁਰੂਦੇਵ ਰਵੀਂਦ੍ਰ ਨਾਥ ਟੈਗੋਰ
ਬੱਸ ਇਸ ਦੇ ਇਵਜ਼ ਵਿਚ ਮੈਨੂੰ ਤੂੰ ਇਕ ਤੁਹਫ਼ਾ ਦੇ ਜਾ ਜਾਣ ਲੱਗਿਆਂ
ਤੁਹਫ਼ਾ ਦੇ ਜਾ ਆਪਣੇ ਖ਼ੂਬਸੂਰਤ ਲੰਮੇ ਵਾਲ
ਭਾਈ ਤਾਰੂ ਸਿੰਘ ਨੇ ਕਿਹਾ: ਮਨਜ਼ੂਰ ਹੈ ਬਾਦਸ਼ਾਹ
ਤੂੰ ਵੀ ਕੀ ਕਰੇਂਗਾ ਯਾਦ
ਕਿ ਕਿਸੇ ਸਿੱਖ ਕੋਲੋਂ ਕੁਝ ਮੰਗਿਆ ਸੀ
ਦੇ ਜਾਵਾਂਗਾ ਤੈਨੂੰ ਆਪਦੇ ਸੁਹਣੇ ਲੰਮੇ ਵਾਲ
ਪਰ ਇੱਕਲੇ ਵਾਲ ਨਹੀਂ
ਆਪਣਾ ਸਿਰ ਵੀ ਦੇ ਕੇ ਜਾਵਾਂਗਾ ਨਾਲ ।।

*****************************

ਵੀਰ ਹਕੀਕਤ ਰਾਏ

ਇਕ ਮਸਫੁੱਟ ਸਿੱਖ ਨੌਜਵਾਨ
ਸੀ ਆਪਣਾ ਸੀਸ ਦੇਣ ਲਈ ਤਿਆਰ ਬਰ ਤਿਆਰ
ਪਰ ਅਚਾਨਕ ਰੋਕ ਲਈ ਜੱਲਾਦ ਨੇ ਤਲਵਾਰ
ਸੁਣ ਕੇ ਉਸ ਗੱਭਰੂ ਦੀ ਮਾਂ ਦੀ ਪੁਕਾਰ
ਰਹਿਮ ਬਾਦਸ਼ਾਹ ਰਹਿਮ
ਅਸਲ ਵਿਚ ਮੇਰਾ ਪੁੱਤਰ ਸਿੱਖ ਨਹੀਂ
ਇਸ ਨੂੰ ਤਾਂ ਸਿੱਖਾਂ ਨੇ ਜਬਰਨ ਆਪਣੇ ਨਾਲ ਰਲਾ ਲਿਆ
ਨੌਜਵਾਨ ਬੋਲਿਆ: ਹੋ ਸਕਦਾ ਹੈ ਸਹੀ ਕਹਿ ਰਹੀ ਹੋਵੇ ਇਹ ਮਾਂ
ਇਹਦਾ ਪੁੱਤਰ ਸਚੁਮੱਚ ਨਹੀਂ ਹੋਵੇਗਾ ਸਿੱਖ
ਪਰ ਮੈਂ ਤਾਂ ਇਸ ਦਾ ਪੁੱਤਰ ਹੀ ਨਹੀਂ ਹਾਂ
ਏਨੀ ਝੂਠੀ ਤੇ ਕਾਇਰ ਨਹੀਂ ਹੋ ਸਕਦੀ ਮੇਰੀ ਮਾਂ ।।

 -ਗੁਰੂਦੇਵ ਰਵੀਂਦ੍ਰ ਨਾਥ ਟੈਗੋਰ
ਪੰਜਾਬੀ ਅਨੁਵਾਦ- ਡਾ. ਸੁਰਜੀਤ ਪਾਤਰ
6:19 PM | 1 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ: ਜਗਤਾਰ ਸਿੰਘ ਭਾਈਰੂਪਾ

Written By ਲਫ਼ਜ਼ਾਂ ਦਾ ਸੇਵਾਦਾਰ on Sep 9, 2011 | 5:52 PM






ਵੱਸਦੇ ਵਿਦੇਸ਼ਾਂ ਵਿਚ ਸੁਣੋ ਮੇਰੇ ਪੁੱਤਰੋ ਉਏ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?
ਵੇਖੋ ਆ ਕੇ ਰੁਲਦੀ ਪੰਜਾਬੀ ਬੋਲੀ ਗਲੀਆ ‘ਚ
ਕਾਲੇ ਰੰਗ ਚੜੇ ਨੇ ਗੁਲਾਬ ਨੂੰ।

ਪ੍ਰਵਾਸੀ ਅੱਜ ਧੀਆਂ ਉੱਤੇ ਮਾੜੀ ਅੱਖ ਰੱਖਦੇ ਨੇ
ਕਿਹੜਾ ਦੁੱਖ ਦੱਸਾਂ ਨਾ ਜਨਾਬ ਨੂੰ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?

ਡਾਲਰਾਂ ਦੀ ਛਾਂਵੇ ਤੁਸੀਂ ਸੁਣਦੇ ਵਿਦੇਸ਼ੀ ਗਾਣੇ
ਕਿਹੜਾ ਜੋੜੇ ਮੇਰੀ ਟੁੱਟੀ ਹੋਈ ਰਬਾਬ ਨੂੰ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ......?

ਲੱਭੋ ਮਰੀ ਪੱਗ ਜੋ ਗੁਆਚੀ ਕਿਸੇ ਠਾਣੇ ਵਿਚ
ਸਾਂਭੋ ਆ ਕੇ ਲੁੱਟੀ ਜਾਂਦੇ ਆਬ ਨੂੰ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?

ਕੁੱਖਾਂ ਵਿਚ ਮਾਰੀ ਜਾਂਦੇ ਮਾਈ ਭਾਗੋ ਲੋਕ ਸਾਰੇ
ਭੁੱਲੇ ਖਿਦਰਣੇ ਵਾਲੀ ਢਾਬ ਨੂੰ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?

ਇਥੇ ਪੁੱਤ ਨਸ਼ਿਆ ਨੇ ਜੜ੍ਹਾਂ ਤੱਕ ਖਾ ਲਏ
ਲੋਕੀਂ ਪਾਣੀਂ ਵਾਗੂ ਪੀਦੇ ਨੇ ਸ਼ਰਾਬ ਨੂੰ
ਵਸਦੇ ਵਿਦੇਸ਼ਾਂ ਵਿਚ ਸੁਣੋ ਮੇਰੇ ਪੁੱਤਰੋ ਉਏ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?

-ਜਗਤਾਰ ਸਿੰਘ ਭਾਈਰੂਪਾ
5:52 PM | 6 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਸਵਰਗ ਨਰਕ: ਬੇਅੰਤ ਸਿੰਘ

Written By ਲਫ਼ਜ਼ਾਂ ਦਾ ਸੇਵਾਦਾਰ on Aug 2, 2011 | 2:18 PM



ਜਨਮ ਜਿਨ੍ਹਾਂ ਦਾ
ਰੇਲਵੇ ਪੁਲ ਥੱਲੇ
ਫੁੱਟਪਾਥ ਤੇ
ਜੀਵਨ ਗੁਜ਼ਰਨਾ ਏ
ਸਵੇਰੇ ਸ਼ਾਮ ਪੇਟ ਦਾ ਫਿਕਰ ਰਹਿੰਦਾ
ਅੱਗਾ ਆਪਣਾ ਕਦੋਂ ਸੰਵਰਨਾ ਏ
ਕੁੱਲੀ ਕੱਖਾਂ ਦੀ ਜਿਹਨੂੰ ਨਾ ਨਸੀਬ ਹੋਈ
ਸਵਰਗਾਂ ਵਿਚ ਮਹਿਲ ਕਿਸ ਬਨਾਵਣਾ ਏ
ਕਿਸ ਨਰਕ ਤੋਂ ਡਰਦੇ ਬੇਅੰਤ ਓਹ ਰਾਮ ਜਪਣ
ਜਿਨ੍ਹਾਂ ਇੱਥੇ ਹੀ ਨਰਕ ਭੋਗਣਾ ਏ

-ਬੇਅੰਤ ਸਿੰਘ, ਬੰਗਲੌਰ
2:18 PM | 0 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਧੀਆਂ ਰੁੱਖ ਤੇ ਪਾਣੀ: ਮਲਕੀਅਤ ਸੁਹਲ

Written By ਲਫ਼ਜ਼ਾਂ ਦਾ ਸੇਵਾਦਾਰ on Jul 23, 2011 | 2:14 PM



ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।

ਭੈਣਾਂ ਦਾ ਜੋ ਪਿਆਰ ਭੁਲਾਵੇ ,
ਕਹਿੰਦੇ ਹੈ ਮੱਤ ਮਾਰੀ ।
ਘਰ 'ਚ ਬੂਟਾ ਅੰਬੀ ਦਾ ਇਕ ,
ਫੇਰੀਂ ਨਾ ਤੂੰ ਆਰੀ ।
 ਸੱਭ ਦੀ ਕੁੱਲ ਵਧਾਵਣ ਵਾਲੀ ;
ਧੀ ਹੈ ਬਣੀ ਸੁਆਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।
ਮਰਦਾ ਬੰਦਾ ਯਾਦ ਹੈ ਕਰਦਾ ,
ਮਾਂ ਤੋਂ ਮੰਗੇ ਪਾਣੀ ।

ਜੇ ਰੁੱਖਾਂ ਨੂੰ ਵੀ ਪਾਉਗੇ ਪਾਣੀ ,
ਸਾਡਾ ਸਾਥ ਨਿਭਾਵਣਗੇ।
ਭੁੱਲ ਕੇ ਰੁੱਖਾਂ ਤਾਈਂ ਨਾ ਵਢ੍ਹੋ ,
ਸਾਡੇ ਹੀ ਕੰਮ ਆਵਣਗੇ।
ਚਿੱਖ਼ਾ ਤੇ ਲੱਕੜ ਸਾਥ ਨਿਭਾਵੇ;
ਝੂੱਠ ਰਤਾ ਨਾ ਜਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

ਪੌਣ , ਪਾਣੀ ਹੀ ਰਹਿਣ ਪਵਿਤੱਰ ,
ਇਹ ਸਾਡੀ ਜ਼ਿੰਦਗਾਨੀ।
ਵਸਦਾ ਰਹੇ ਅੰਮੜੀ ਦਾ ਵਿਹੜਾ ,
ਧੀਆਂ ਧਰਮ ਨਿਸ਼ਾਨੀ।

ਧੀ-ਪੁਤਾਂ ਵਿਚ ਫਰਕ ਨਾ ਪਾਇਉ ,
ਕਰਿਓ ਨਾ ਵੰਡ ਕਾਣੀਂ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

ਆਓ! ਰਲ ਕੇ ਕਸਮਾਂ ਖਾਈਏ,
ਪਾਪ ਨਾ ਹੱਥੀਂ ਹੋਵੇ ।
ਕੋਈ ਮਰੇ ਨਾ ਰੱਬਾ , ਧੀ ਵਿਚਾਰੀ,
ਮਾਂ ਨਾ ਬਹਿ ਕੇ ਰੋਵੇ ।
ਹੁਣ ਵਾਤਾਵਰਨ ਸੁਖਾਂਵਾਂ ਕਰੀਏ ,
ਬਣ ਕੇ ਹਾਣੀ ਹਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

ਅਕਲਾਂ ਵਾਲਿਓ ! ਰੱਬ ਦੇ ਬੰਦਿਉ,
ਆਸਾਂ ਨਾਲ ਸੁਆਸਾਂ ।
ਧੀਆਂ , ਰੁੱਖ ਬਚਾ ਲਉ ਪਾਣੀ ,
"ਸੁਹਲ" ਦੀਆਂ ਅਰਦਾਸਾਂ।
ਗੁਰੂਆਂ , ਪੀਰਾਂ , ਅਵਤਾਰਾਂ ਦੀ ,
ਕਹਿੰਦੀ ਹੈ ਗੁਰਬਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

- ਮਲਕੀਅਤ "ਸੁਹਲ",  ਗੁਰਦਾਸਪੁਰ
2:14 PM | 0 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਮੁਹੱਬਤ, ਸੋਚਾਂ 'ਤੇ ਸਫ਼ਰ: ਬੌਬੀ

Written By ਲਫ਼ਜ਼ਾਂ ਦਾ ਸੇਵਾਦਾਰ on Jul 15, 2011 | 2:13 PM

ਪਲ ਪਲ ਜ਼ਿੰਦਗੀ ਤੈਥੋਂ ਕੁਝ ਮੰਗਦੀ ਏ
ਰਾਹ ਆਪੇ ਹੀ ਕੋਲੋਂ ਦੀ ਲੰਘਦੀ ਏ
ਮੈ ਅੱਗੇ ਤੁਰਾਂ ਜਾਂ ਰੁਕ ਜਾਂਵਾਂ
ਤੇਰੇ ਇਸ਼ਾਰੇ ਦੀ ਕੀਲੀ ਤੇ
ਸਾਹਵਾਂ ਦੀ ਡੋਰ ਟੰਗਤੀ ਏ....!

(2)
ਜਦ ਸਿਖਰ ਦੁਪਹਰੇ ਖਾਲੀ ਸਡ਼ਕ ਤੇ
ਨੰਗੇ ਪੈਰ ਚੱਲਣਾ ਪਵੇ ਤਾਂ
ਰੁੱਖਾਂ ਦੀ ਛਾਂ ਦਾ ਕੀ ਲੱਭਣਾ...
ਬਸ ਉਸ ਪਲ ਦੀ ਯਾਦ ਹੀ ਕਾਫੀ ਏ
ਜਿਹੜਾ ਤੇਰੇ ਨਾਲ ਮਿਲ ਕੇ ਗਵਾਇਆ ਸੀ...

(3)
ਮੈਂ ਤੇਰੇ ਵਿਹੜੇ ਵਿਚ ਹਵਾ ਬਣ ਕੇ ਗੁੰਮ ਜਾਵਾਂਗੀ
ਤੇਰੇ ਮਨ ਦੇ ਮੌਸਮ ਵਿਚ ਨਮੀ ਵਾਂਗ ਘੁਲ ਜਾਵਾਂਗੀ
ਕਦੀ ਬੁਲਾ ਕੇ ਤਾਂ ਦੇਖ ਮੈਨੂੰ ਉਸ ਤਰਾਂ
ਮੈਂ ਵੰਝਲੀ ਵਾਂਗ ਬੁੱਲਾਂ ਨਾਲ ਜੁੜ ਜਾਵਾਂਗੀ....!

(4)
ਹਾਲੇ ਕੁਛ ਹੋਰ ਪੱਥਰ ਆਓਣੇ ਬਾਕੀ ਨੇ
ਹਾਲੇ ਦਿਲ ਵਿੱਚ ਕੁਝ ਲਹੂ ਦੇ ਕਤਰੇ ਬਾਕੀ ਨੇ
ਹੁਣ ਘੁੱਟ ਵੀ ਦੇ ਮੇਰੇ ਸਾਹਾਂ ਨੂੰ
ਅੱਖਾਂ ਵਿੱਚ ਜਨੂੰਨ
ਮਨ ਵਿੱਚ ਕੁਝ ਵਲਵਲੇ
ਬਾਕੀ ਨੇ...
2:13 PM | 1 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਚੋਰਾਂ ਬਿਨਾਂ ਵੀ ਸਜਦਾ ਨਹੀਂ, ਇਹ ਮੇਲਾ ਦੁਨੀਆਂ ਦਾ

Written By ਲਫ਼ਜ਼ਾਂ ਦਾ ਸੇਵਾਦਾਰ on Jul 12, 2011 | 2:28 PM

ਲਫ਼ਜ਼ਾਂ ਦਾ ਪੁਲ ਦਾ ਮਕਸਦ ਸਫ਼ਲ ਹੋ ਰਿਹਾ ਹੈ। ਸਾਡਾ ਮਕਸਦ ਹੈ ਕਿ ਪਿਛਲੀਆਂ ਪੀੜ੍ਹੀਆਂ ਦਾ ਤਜਰਬਾ ਅਤੇ ਨਵੀਂ ਪੀੜ੍ਹੀ ਦਾ ਜੋਸ਼ ਅਤੇ ਤਕਨੀਕੀ ਹੁਨਰ ਮਿਲ ਕੇ ਲਫ਼ਜ਼ਾਂ ਦਾ ਪੁਲ ਸਿਰਜਣ ਅਤੇ ਅਸੀ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਆਪਣਾ ਯੋਗਦਾਨ ਪਾ ਸਕੀਏ। ਅੱਜ ਇਸੇ ਮਕਸਦ ਵਿਚ ਇਕ ਕੜ੍ਹੀ ਹੋਰ ਜੁੜੀ ਹੈ। ਮਨੋਹਰਦੀਪ ਸਿੰਘ ਢਿੱਲੋਂ ਨੇ ਆਪਣੇ ਪਿਤਾ ਅਮਰਜੀਤ ਸਿੰਘ ਢਿੱਲੋਂ ਦਾ ਲਿਖਿਆ ਗੀਤ ਭੇਜਿਆ ਹੈ, ਜੋ ਸਮਕਾਲੀ ਹਾਲਾਤਾਂ ਤੇ ਵਿਅੰਗਮਈ ਚੋਟ ਕਰਦਾ ਹੈ। ਇਸ ਗੀਤ ਦਾ ਆਨੰਦ ਮਾਣੋ ਅਤੇ ਆਪਣੇ ਵਿਚਾਰ ਦਿਓ। ਜੇ ਤੁਹਾਡੇ ਕੋਲ ਵੀ ਤੁਹਾਡੇ ਆਲੇ-ਦੁਆਲੇ ਜਾਂ ਆਪਣੇ ਕਿਸੇ ਬਜ਼ੁਰਗ ਦੀ ਕੋਈ ਰਚਨਾ, ਯਾਦ ਜਾਂ ਨਸੀਹਤ ਸਾਂਭੀ ਪਈ ਹੈ ਤਾਂ ਉਸ ਨੂੰ ਸਾਡੇ ਨਾਲ ਸਾਂਝੀ ਕਰੋ। ਅਸੀ ਉਸ ਨੂੰ ਯੌਗ ਥਾਂ ਦੇਣ ਦੀ ਪੂਰੀ ਕੌਸ਼ਿਸ਼ ਕਰਾਂਗੇ। ਨਾਲ ਹੀ ਦੁਆ ਹੈ ਕਿ ਮਨੋਹਰਦੀਪ ਦੀ ਮਦਦ ਨਾਲ ਅਮਰਜੀਤ ਜੀ ਤਕਨੀਕੀ ਗਿਆਨ ਹਾਸਲ ਕਰ ਸਾਡੇ ਨਾਲ ਸਿੱਧੇ ਜੁੜਨ ਅਤੇ ਆਪਣੇ ਬੇਟੇ ਨੂੰ ਵੀ ਆਪਣੀ ਸਾਹਿਤਕ ਵਿਰਾਸਤ ਤੋਂ ਸਿੱਖ ਕੇ ਕੁਝ ਨਵਾਂ ਕਰਨ ਦੀ ਪ੍ਰੇਰਨਾ ਦੇਣ। ਆਮੀਨ।



ਚਿੱਟੇ ਚੋਲੇ ਪਾ ਕੇ ਹੁੰਦੇ ਸੰਤ ਜੇ ਸਾਰੇ ਜੀ,
ਕੀਹਨੂੰ ਸਿੱਖਿਆ ਦਿੰਦੇ ਫਿਰ ਬਾਬੇ ਵਿਚਾਰੇ ਜੀ।
ਬਘਿਆੜਾਂ ਤੋਂ ਬਿਨਾਂ ਹੀ ਰਹਿੰਦਾ ਲੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।


ਜੇ ਦੁਨੀਆਂ ਵਿੱਚ ਸਾਰੇ ਬੰਦੇ ਸਾਊ ਹੋ ਜਾਂਦੇ।
ਸਭ ਦੇ ਸਭ ਹੀ ਇੱਥੇ ਅੱਗ ਬੁਝਾਊ ਹੋ ਜਾਂਦੇ।
ਕਰਦਾ ਫਿਰ ਕੌਣ ਗਰਮ ਗਜਰੇਲਾ ਦੁਨੀਆ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।

ਰਾਤਾਂ ਕਰਕੇ ਇੱਛਾ ਹੁੰਦੀ ਹੈ ਦਿਨ ਮਾਨਣ ਦੀ,
'ਨੇਰੇ ਕਰਕੇ ਹੀ ਪੈਂਦੀ ਹੈ ਕਦਰ ਵੀ ਚਾਨਣ ਦੀ।
ਝੂਠ ਬਿਨਾਂ ਰਹਿ ਜਾਂਦਾ ਸੱਚ ਅਕੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਜੇ ਨਾ ਹੁੰਦਾ ਇਸ਼ਕ, ਇਸ਼ਕ ਦੀਆਂ ਮਰਜ਼ਾਂ ਨਾ ਹੁੰਦੀਆਂ,
ਰੰਗ ਰੰਗੀਲੇ ਗੀਤ ਸੁਹਣੀਆਂ ਤਰਜ਼ਾਂ ਨਾ ਹੁੰਦੀਆਂ।
ਆਸ਼ਕਾਂ ਨਾਲ ਹੈ ਹੁੰਦਾ ਰੰਗ ਨਵੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।  
 

ਜੇ ਨਫਰਤ ਨਾ ਹੁੰਦੀ ਕਰਨਾ ਪਿਆਰ ਵੀ ਕੀਹਣੇ ਸੀ,
ਵਿਛੜਣ ਬਾਝੋਂ ਕਰਨਾ ਇੰਤਜ਼ਾਰ ਵੀ ਕੀਹਣੇ ਸੀ।
ਝੱਖੜ ਨ੍ਹੇਰੀ ਬਿਨਾ ਹੀ ਲੰਘਦਾ ਰੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕੌੜੀਆਂ ਮਿਰਚਾਂ ਦੇ ਨਾਲ ਲੋੜ ਹੈ ਮਿੱਠੇ ਗੰਨੇ ਦੀ,
ਜੇ ਨਾ ਲਾਏ ਹੋਣ ਤੋਰੀਆਂ, ਕੱਦੂ ਬੰਨੇ ਜੀ,
ਰਹਿ ਜਾਂਦੀ ਬੱਸ ਸਬਜ਼ੀ ਕੌੜ ਕਰੇਲਾ ਦੁਨੀਆ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਨੇਤਾ, ਜੇਬ੍ਹ ਕਤਰਿਆਂ ਦੀਆਂ ਨੇ ਮੇੜਾਂ ਫਿਰ ਰਹੀਆਂ,
ਤਾਹੀਏਂ ਥਾਂ ਥਾਂ ਸਾਧਾਂ ਦੀਆਂ ਨੇ ਹੇੜਾਂ ਫਿਰ ਰਹੀਆਂ।
ਭਰ ਕੇ ਜੇਬਾਂ ਕਰਦੇ ਜਨਮ ਸੁਹੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਪੁੰਨ ਨਾਲ ਹੈ ਪਾਪ ਤੇ ਮੂਰਖ ਨਾਲ ਗਿਆਨੀ ਜੀ,
ਬਿਜਨਿਸ ਦੇ ਵਿੱਚ ਲਾਭ, ਤੇ ਲਾਭ ਨਾਲ ਹੈ ਹਾਨੀ ਜੀ।
ਗੁਟਕੂੰ ਕਰੇ ਕਬੂਤਰ ਸਹੇ ਗੁਲੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਸਦਕੇ ਜਾਈਏ ਬੇਈਮਾਨਾਂ ਦੀ ਸਰਦਾਰੀ ਦੇ,
ਲੈਣ ਇਹ ਘੋੜੇ ਜੀ ਇਨਾਮ 'ਚ ਇਮਾਨਦਾਰੀ ਦੇ,
ਇਨ੍ਹਾਂ ਬਾਝੋਂ ਖਾਲੀ ਰਹੇ ਤਬੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਪੁਲਿਸ ਫੌਜ ਤੇ ਨਾ ਕੋਈ ਪਹਿਰੇਦਾਰ ਹੀ ਹੋਣਾ ਸੀ,
ਕੇਵਲ ਸੱਜਣ ਪੁਰਖਾਂ ਦਾ ਦੀਦਾਰ ਹੀ ਹੋਣਾ ਸੀ
ਢਿਚਕੂੰ ਢਿਚਕੂੰ ਕਰਦਾ ਰਹਿੰਦਾ ਠੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕੁੱਤੇ ਤਾਈਂ ਕੋਈ ਨਾ ਆਖੇ ਕੁੱਤਾ ਬਣ ਕੁੱਤਿਆ,
ਕਹਿਣ ਬੰਦੇ ਨੂੰ ਬੰਦਾ ਬਣ ਤੂੰ ਐ ਪਾਪੀ ਸੁੱਤਿਆ,
ਠੱਗਾਂ ਕਰਕੇ ਹੈ ਰੁਜਗਾਰ ਗਿਆਨੀ ਗੁਨੀਆ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕਿੰਨੇ ਇੱਥੇ ਧਰਮ ਅਤੇ ਕਿੰਨੇ ਧਰਮ ਦੁਆਰੇ ਨੇ,
ਪਾਪਾਂ ਦੇ ਡਰ ਕਰਕੇ ਹੀ ਚਲਦੇ ਇਹ ਸਾਰੇ ਨੇ,
ਵਿਹਲੜ ਲੁੱਟਦੇ ਸਦਾ ਹੀ ਪੈਸਾ ਧੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਜੇ ਨਾ ਹੁੰਦੇ ਚੋਰ ਤਾਂ ਇਹ ਚਤੁਰਾਈਆਂ ਨਾ ਹੁੰਦੀਆਂ,
ਆਸ਼ਕਾਂ ਬਾਝੋਂ ਇੱਥੇ ਚੋਰ ਭਲਾਈਆਂ ਨਾ ਹੁੰਦੀਆ,
ਫਿਰ ਨਾ ਕਿਸੇ ਕਾਲਜੇ ਵੱਜਦਾ ਸੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਠੱਗ ਤੇ ਆਸ਼ਕ ਬੱਝੇ ਆਪਸ ਦੇ ਵਿੱਚ ਡੋਰਾ ਦੇ,
'ਢਿੱਲੋਂ' ਕਦੇ ਨਾ ਗੁਝੇ ਰਹਿੰਦੇ ਨੇਤਰ ਚੋਰਾਂ ਦੇ,
ਰੋਜ ਬਦਲਦੇ ਰਹਿੰਦੇ ਰੰਗ ਨਵੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਾ ਇਹ ਮੇਲਾ ਦੁਨੀਆਂ ਦਾ। 


-ਅਮਰਜੀਤ ਸਿੰਘ ਢਿੱਲੋਂ
2:28 PM | 0 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਇਕ ਝੰਡੇ ਥੱਲੇ: ਬਿੰਨੀ ਬਰਨਾਲਵੀ

Written By ਲਫ਼ਜ਼ਾਂ ਦਾ ਸੇਵਾਦਾਰ on Jul 7, 2011 | 1:38 PM

ਮੇਰੇ ਵਿਚਾਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਓ,
ਹੈ ਕੋਸ਼ਿਸ਼ ਕਰਨੀ ਤਾਂ ਵਿਚਾਰਾਂ ਤੇ ਚੱਲਣ ਦੀ ਕਰਿਓ।

ਅੱਜ ਕਲਮ ਨਾਲ ਹੀ
ਕਾਗਜ਼ ਦੀ ਹਿੱਕ ਤੇ ਉਲੀਕ ਰਿਹਾਂ ਇਤਿਹਾਸ,
ਗੱਲ ਬਣੀ ਤਾਂ ਠੀਕ
ਨਹੀਂ…………………

ਉਗਾਉਣੀਆਂ ਮੈਨੂੰ ਅਜੇ ਵੀ ਆਉਂਦੀਆਂ ਨੇ,
ਧਰਤੀ ਚੋਂ ਦਮੂੰਕਾਂ

ਮੈਂ ਜੀਣਾ ਨਹੀਂ ਚਾਹੁੰਦਾ ਪਾਲਤੂ ਕੁੱਤੇ ਦੀ ਤਰ੍ਹਾਂ,
ਗਲ ਪਟਾ ਪਵਾ ਕੇ ਪੂਛ ਹਿਲਾਉਂਦਾ-ਹਿਲਾਉਂਦਾ।
ਮੈਂ ਤਾਂ ਜੀਵਾਂਗਾ
ਖੁੱਲੇ ਸ਼ੇਰ ਵਾਂਗ
ਨਿਡਰ ਹੋ ਕੇ
'ਤੇ ਮਰਾਂਗਾ ਅਜਿਹੀ ਸੁਨਹਿਰੀ ਮੌਤ
ਕਿ ਯੁੱਗੜਿਆਂ ਤੱਕ ਮੇਰੀ ਜਿੰਦਗੀ ਦੇ ਫਲਸਫੇ ਪੜੇ ਜਾਣਗੇ।

ਅੱਜ ਤਾਂ ਇਹ ਚੁਟਕਲਾ ਹੈ ਤੁਹਾਡੇ ਹੱਸਣ ਲਈ,
ਪਰ ਜਦੋਂ ਕੱਲ੍ਹ ਆਵੇਗੀ ਤਾਂ ਰੋਣੋ ਵੀ ਮੁਨਕਰ ਹੋਵੋਂਗੇ।

ਜੇ ਚਾਹੁੰਦੇ ਹੋ ਇਕ ਮਹਾਨ ਜਿੰਦਗੀ ਜੀਣਾ,
ਗੁਲਾਮੀ ਦੇ ਜੂਲ਼ੇ ਨੂੰ ਲਾਹੁਣਾ,
ਬੱਚਿਆਂ ਲਈ ਉੱਜਲਾ ਭਵਿੱਖ,
ਢਿੱਡ ਦੀਆਂ ਸੁੱਕ ਚੁੱਕੀਆਂ ਆਂਦਰਾਂ ਲਈ,
ਗਿੱਲੀ ਰੋਟੀ,
ਸਿਰ ਤੇ ਬੱਠਲ ਚੁੱਕਦਿਆਂ,
ਕੜ-ਕੜ ਕਰਦੀਆਂ ਹੱਡੀਆਂ ਨੂੰ ਸੁਰ ‘ਚ ਪਿਰੌਣਾ,
ਸੁੱਖ ਦੇ ਵਿਯੋਗ ‘ਚ ਨਿਕਲੇ ਹੰਝੂਆਂ ਨਾਲ,
ਖੇਤਾਂ ਨੂੰ ਸਿੰਜਣਾ,

ਤਾਂ ਕਰਨੇ ਪੈਣਗੇ ਉੱਚੇ ਕੰਮ
ਸਿਰ ਉੱਚਾ,
ਬਾਂਹ ਉੱਚੀ,
ਆਵਾਜ ਉੱਚੀ,
ਸੋਚ ਉੱਚੀ,
ਤੇ ਹੋਣਾ ਪਵੇਗਾ ਇਕ ਝੰਡੇ ਥੱਲੇ ਇਕੱਠਾ,
ਇਕ ਝੰਡੇ ਥੱਲੇ     

-ਬਿੰਨੀ ਬਰਨਾਲਵੀ
1:38 PM | 0 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਨਵਾਂ ਪਤਾ: ਇਮਰੋਜ਼

Written By ਲਫ਼ਜ਼ਾਂ ਦਾ ਸੇਵਾਦਾਰ on Jul 6, 2011 | 12:53 PM






ਅੰਮ੍ਰਿਤਾ ਨੂੰ ਗਿਆਂ ਛੇ ਸਾਲ ਹੋ ਗਏ ਨੇ... ਉਸ ਦੀਆਂ ਯਾਦਾਂ ਉਸ ਦੇ ਘਰ ਵਿਚ ਵੱਸਦੀਆਂ ਸਨ...ਸਾਡੇ ਸਭ ਦੇ ਦਿਲ ਵਿਚ ਵੱਸਦੀਆਂ ਹਨ...ਹੁਣ ਬੱਸ ਇਹ ਸਾਡੇ ਦਿਲਾਂ ਵਿਚ ਹੀ ਰਹਿਣਗੀਆਂ...ਕਿਉਂ ਕਿ ਅੰਮ੍ਰਿਤਾ ਦਾ ਘਰ ਢਹਿ ਗਿਐ...ਇਮਰੋਜ਼ ਨਵੇਂ ਪਤੇ 'ਤੇ ਚਲਾ ਗਿਐ... ਨਵੇਂ ਪਤੇ ਬਾਰੇ ਉਸ ਦਾ ਕੀ ਕਹਿਣੈ...ਉਸ ਦੀ ਨਜ਼ਮ ਦੱਸਦੀ ਐ...
 

ਉਸ ਨਾਲ ਰਲ ਕੇ
ਇੱਟ ਇੱਟ ਕਮਾ ਕੇ
ਇੱਟ ਇੱਟ ਲਾ ਕੇ
ਇਕ ਮਕਾਨ ਬਣਾਇਆ ਸੀ
ਤੇ ਸਾਹ ਸਾਹ ਜਿਉਂ ਕੇ
ਇਕ ਸਾਥ ਵੀ…

ਸਾਥ ਤੇ ਸਾਥ ਦਾ ਅਹਿਸਾਸ ਵੀ
ਇਕ ਮਕਾਨ ਹੁੰਦਾ ਹੈ
ਇਹ ਮੈਨੂੰ ਉਸ ਦੇ ਜਾਣ ਦੇ ਬਾਅਦ
ਪਤਾ ਲੱਗਾ ਹੈ…

ਹੁਣ ਸਾਮਾਨ ਤੇ ਮੇਰਾ
ਕੱਲ੍ਹ ਦੇ ਮਕਾਨ ਵਿਚ ਹੈ
ਤੇ ਮੈਂ ਸ਼ਿਫਟ ਕਰ ਲਿਆ ਹੈ-
ਸਾਥ ਦੇ ਮਕਾਨ ਵਿਚ…

ਮੇਰਾ ਨਵਾਂ ਪਤਾ
ਮਕਾਨ ਨੰਬਰ ਗਲੀ ਨੰਬਰ ਸੜਕ ਨੰਬਰ
ਇਲਾਕਾ ਤੇ ਸ਼ਹਿਰ ਮੈਂ ਹੀ ਹਾਂ
ਤੇ ਆਪਣੇ ਆਪ ਦਾ ਪਤਾ
ਹੋਰ ਕੋਈ ਨਹੀਂ ਹੁੰਦਾ
ਆਪਣਾ ਆਪ ਹੀ ਹੁੰਦਾ ਹੈ…

-ਇਮਰੋਜ਼, ਨਵੀਂ ਦਿੱਲੀ
(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)
12:53 PM | 1 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਗ਼ਜ਼ਲ: ਰਾਜਿੰਦਰ ਜਿੰਦ

Written By ਲਫ਼ਜ਼ਾਂ ਦਾ ਸੇਵਾਦਾਰ on Jul 5, 2011 | 10:21 AM







ਗ਼ਜ਼ਲ
ਇਕੋ ਘਰ ਦੇ ਜੀਅ ਹਨ ਸਾਰੇ, ਪਰ ਸੋਚਾਂ ਦੇ ਵੰਡੇ ਹੋਏ।
ਕੁਝ ਫੁੱਲਾਂ ਦੀ ਜੂਨੇ ਪੈ ਗਏ, ਕੁਝ ਰਾਹਾਂ ਦੇ ਕੰਡੇ ਹੋਏ।

ਦੁਨੀਆਂ ਦੀ ਹਰ ਮਿੱਠੜੀ ਗੱਲ ਵੀ ਉਹਨਾਂ ਦੇ ਲਈ ਕੌੜੀ ਏ,
ਜਿਨਾਂ ਮਨਾਂ ਨੇ ਸੋਚ ਦੇ ਖੁਰਪੇ ਨਫ਼ਰਤ ਦੇ ਨਾਲ ਚੰਡੇ ਹੋਏ।

ਸਿਖਰ ਦੁਪਹਿਰੇ ਜਿਹੜੇ ਸੂਰਜ ਧੁੱਪ ਤਿਖੇਰੀ ਵੰਡਦੇ ਸੀ,
ਸ਼ਾਮ ਪਈ ਤੇ ਉਹੀਓ ਸੂਰਜ ਨ੍ਹੇਰੇ ਦੇ ਵਿਚ ਠੰਢੇ ਹੋਏ।

ਜੀਵਨ ਇਕ ਕਿਤਾਬ ਹੈ ਜਿਸਨੂੰ ਪੜ੍ਹਦੇ-ਪੜ੍ਹਦੇ ਤੁਰ ਜਾਣਾ ਹੈ,
ਤਾਂਹੀਓ ਧੋਖਾ ਖਾ ਜਾਂਦੇ ਕਈ ਜੀਵਨ ਦੇ ਵਿਚ ਹੰਡੇ ਹੋਏ।

ਸਾਵਣ ਆਵਣ ਬੱਦਲ ਵਰਸਣ ਮਨ ਦੀ ਧਰਤੀ ਪਿਆਸੀ ਰਹਿੰਦੀ,
ਬਹੁਤੀ ਦੇਰ ਨਹੀਂ ਚਲਦੇ ਰਿਸ਼ਤੇ ਮਤਲਬ ਦੇ ਨਾਲ ਗੰਡੇ ਹੋਏ।

ਵਕਤ ਦੀ ਭੱਠੀ ਦੇ ਵਿਚ ਪੈ ਕੇ ਕੀ-ਕੀ ਬਣਿਆ ਹੈ ਇਸ ਦਾ,
ਕੁਝ ਇਸ ਦੇ ਔਜ਼ਾਰ ਬਣ ਗਏ ਕੁਝ ਤਲਵਾਰਾਂ ਖੰਡੇ ਹੋਏ।

-ਰਾਜਿੰਦਰ ਜਿੰਦ, ਨਿਊਯਾਰਕ
10:21 AM | 0 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਬਾਪੂ ਪੰਜਾਬ: ਹਰਸਿਮਰਨਜੀਤ ਸਿੰਘ

Written By ਲਫ਼ਜ਼ਾਂ ਦਾ ਸੇਵਾਦਾਰ on Jul 4, 2011 | 4:43 PM





ਹੱਸਦਾ, ਖੇਡਦਾ, ਅਣਖੀ,
ਸਿਰ ਚੱਕ ਕੇ ਜਿਉਣ ਵਾਲਾ
ਹੁਣ
ਡਿੱਗੀ ਕੰਧ ਦੇ ਲੱਗੇ ਇੱਟਾਂ
ਦੇ ਢੇਰ ਆਂਗੂ
ਗੋਡਿਆਂ ਭਾਰ ਹੋਇਆ
ਅੱਖਾਂ 'ਚ ਹੜ੍ਹਾਂ ਦੇ ਹੜ੍ਹ ਅੱਥਰੂ ਸਾਂਭੀ
ਨੀਵੀ ਪਾ,
ਉਂਗਲਾਂ ਨਾਲ ਮਿੱਟੀ ਫਰੋਲਦਾ
ਸ਼ਾਇਦ, ਆਵਦੀ ਹੋਂਦ ਦੇ ਖਿੱਲਰੇ ਮਣਕੇ ਲੱਭ ਰਿਹੈ
ਪਰ, ਕਦੇ ਸੱਥ 'ਚ' ਲਹੀ ਚੁੰਨੀ ਹੱਥ ਲਗਦੀ ਐ,
ਤੇ ਕਦੇ ਮੋਟਰ ਆਲੀ ਕਿੱਕਰ ਤੇ ਲਮਕਦਾ ਪੁੱਤ ਨਜ਼ਰੀਂ ਪੈਂਦੈ
ਹੁਣ ਸੁਨਿਹਰੀ ਕਣਕਾਂ ਦੇਖ
ਚਾਅ ਨੀ ਚੜਦਾ,
ਸਗੋਂ ਫਿਕਰ ਘੇਰਦੈ,
ਮੰਡੀ 'ਚ' ਹੋਣ ਵਾਲੀ ਲੁੱਟ ਦਾ,
ਤਾਂ ਹੀ
ਏਸ ਮਿੱਟੀ ਦੇ ਨੇੜਲੇ ਪੁੱਤਾਂ ਦੇ ਹੁਣ ਪੈਰ ਮੱਚਦੇ ਨੇ ਵੱਟਾਂ ਤੇ
ਆਦਤ ਪੈ ਗਈ ਐ,
ਪੱਬਾਂ ਤੇ ਕਲੱਬਾਂ 'ਚ ਮਾਰਬਲ ਤੇ ਤੁਰਨ ਦੀ
ਸਾਂਭੀ ਫਿਰਦੇ ਨੇ,
ਸੁੰਨੇ ਖੇਤ, ਬੇਗਾਨੇ..
ਥਾਂ-ਥਾਂ ਖਿੱਲਰੀਆਂ ਬੀੜੀਆਂ,
ਟਰੈਕਟਰ ਦੇ ਟੈਰਾਂ ਤੇ ਥੁੱਕਿਆ ਪਾਨ ਵੇਖ
ਕੇਰਾਂ ਤਾਂ, ਧਾਹੀਂ ਰੋ ਪੈਂਦੈ ਬਾਪੂ (ਪੰਜਾਬ) 'ਤੇ
ਪੁੱਤ, ਨਸ਼ਿਆਂ 'ਚ ਗੜੁੱਚ,
ਬੇਸੁਰਤਾ ਵੜਦੈ ਘਰੇ
ਬੀੜੀ ਦੀ ਚੰਗਿਆੜੀ,
ਕਦੋਂ ਸਾਡੀ ਚੁੰਨੀ ਤੇ ਪੈਂਦੀ ਐ
ਪਤਾ ਹੀ ਨਹੀਂ ਲਗਦਾ...
ਅੱਖਾਂ ਮੀਚੀ ਬੈਠੇ ਬਾਪੂ ਨੂੰ
ਖਿਆਲ ਆਉਂਦੈ ਉਹਨਾ ਪੁੱਤਾਂ ਦਾ
ਜਿਹੜੇ, ਅਣਖ ਖਾਤਰ, ਆਪਾ ਵਾਰ ਦਿੰਦੇ ਸੀ
ਸ਼ਾਇਦ
ਬਾਪੂ ਕਿਸੇ ਸਹਾਰੇ ਨਾਲ ਮੁੱੜ ਖੜਾ ਹੋਣਾ ਲੋਚਦੈ
ਉਹਦੀਆਂ ਆਸ ਭਰੀਆਂ ਅੱਖਾਂ,
ਸਾਡੇ ਵੱਲ ਝਾਕਦੀਆਂ ਨੇ ਯਾਰੋ
ਆਪਾਂ ਬਾਪੂ ਨੂੰ ਗਲਵਕੜੀ ਪਾ ਕੇ ਚੁਕਣੈ
ਲੋਕਾਂ ਦੇ ਖਿਆਲ ਨੂੰ ਬਦਲਣੈ, ਬਈ

ਪੰਜਾਬੀ ਤਾਂ, ਦਾਰੂ ਪੀ, ਕੁੜੀਆਂ ਦੇ ਕਾਲਜ ਮੂਹਰੇ,
ਜੰਗ ਦੇ ਮੈਦਾਨ ਬਨਾਉਣ ਜੋਗੇ ਹੀ ਰਹਿ ਗਏ ਐ
ਉਹ ਆਪ ਵੇਖਣ

ਲੋੜ ਪੈਣ ਤੇ, ਆਵਦੀਆਂ ਦਾਤੀਆਂ, ਪੱਠਿਆਂ ਦੀ ਥਾਂ
ਜਾਲਮਾ ਦੇ ਗਾਟਿਆਂ 'ਤੇ ਵੀ ਧਰਨਾ ਜਾਣਦੇ ਐ
ਆਵਦੇ ਹੱਕਾਂ ਵਾਸਤੇ ਲੜਨਾ, ਅੱਜ ਵੀ ਆਉਂਦਾ ਇਹਨਾ ਨੂੰ
"ਅਤਿ ਹੀ ਰਣ ਮਹਿ ਤਬ ਜੂਝ ਮਰੋਂ"
ਭੁਲਿਆ ਨੀ ਅਜੇ
ਸਾਂਭਲੋ ਯਾਰੋ!
ਡਿੱਗਦੇ ਬਾਪੂ ਨੂੰ
ਉਹਦੀ ਹੋਂਦ ਹੀ,
ਜਿੰਦਗੀ ਐ ਸਾਡੀ

-ਹਰਸਿਮਰਨਜੀਤ ਸਿੰਘ, ਢੁੱਡੀਕੇ
4:43 PM | 0 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਰਿਸ਼ਤਾ: ਜਸਵੀਰ ਕੌਰ ਮੰਗੂਵਾਲ

Written By ਲਫ਼ਜ਼ਾਂ ਦਾ ਸੇਵਾਦਾਰ on Jun 30, 2011 | 1:09 PM

ਮੇਰਾ ਤੇ ਉਹਦਾ ਰਿਸ਼ਤਾ
ਸੱਤ ਜਨਮਾਂ ਦਾ
ਸੱਤ ਫੇਰਿਆਂ ਦਾ
ਚਾਰ ਲਾਵਾਂ ਦਾ
ਕੁਰਾਨ ਦੀਆ ਆਇਤਾ ਤੋ ਬਾਅਦ
ਤਿੰਨ ਵਾਰੀ ਹਾਂ ਹਾਂ ਹਾਂ ਚ’ ਸਿਰ ਹਿਲਾਉਣ ਦਾ
ਕਾਜੀ ਭਾਈ ਪੁਜਾਰੀ ਦੀ ਮੌਜੂਦਗੀ ਚ’
ਵੇਦ ਕੁਰਾਨ ਤੇ ਗੁਰੁ ਗ੍ਰੰਥ ਦੇ
ਪਵਿੱਤਰ ਸ਼ਲੋਕਾ ਦੇ ਉਚਾਰਨ ਦਾ
ਦੋ ਪਵਿੱਤਰ ਆਤਮਾਵਾਂ ਦੇ
ਧੁਰੋ ਲਿਖੇ ਸੰਯੋਗਾ ਦਾ ਮੇਲ
ਅਕਸਰ ਜੋ ਸਿਮਟ ਜਾਦਾਂ ਹੈ
ਜਿਸਮ ਤੋਂ ਜਿਸਮ ਤੱਕ
ਤੇ ਨਹੀ ਕਰਦੀ ਰੂਹ ,ਰੂਹ ਤੱਕ ਸਫਰ
 ਮੇਰੇ ਹਿੱਸੇ ਭੁਰਨਾ,ਖੁਰਨਾ ਟੁੱਟਣਾ
ਰੀਣ ਰੀਣ ਹੋ ਕੇ ਮਰਨਾ ਸੀਅ ਨਾ ਕਰਨਾ,
ਫਿਰ ਕਿਉ ਕੁਝ ਸ਼ਬਦ ਅਤੇ ਕਾਗਜ਼ ਕਰ ਦਿੰਦੇ ਨੇ
ਇਸ ਰਿਸ਼ਤੇ ਨੂੰ ਤਾਰ ਤਾਰ?
ਧਾਰਮਿਕ ਭਾਵਨਾਵਾ ਰਾਹੀ ਮੇਰੇ ਜ਼ਜ਼ਬਾਤਾ ਨਾਲ ਖਿਲਵਾੜ?
ਮਨੂੰ ਬਣ ਉਹ ਮੇਰੇ ਬੁੱਲਾਂ ਨੂੰ ਸਿਊਦਾਂ ਹੈ
ਅਖੌਤੀ ਸ਼ਰਮ ਹਯਾ ਦੀ ਸੂਈ ਨਾਲ
ਮੇਰੇ ਪੈਰਾਂ ਚ’ ਗੱਡਦਾ ਹੈ ਪ੍ਰਮੰਰਾਵਾਂ ਦੀਆਂ ਮੇਖਾਂ
ਮੇਰੇ ਰਾਹਾਂ ਚ’ ਵਿਛਾਉਦਾ ਹੈ ‘ਕਥਿਤ’ ਪਤੀਵਰਤਾ ਦੀਆਂ ਨੁਕੀਲੀਆਂ ਸੂਲਾਂ
ਮੈਨੂੰ ਨਹੀ ਚਾਹੀਦਾ ਸੱਤ ਜਨਮਾਂ ਦਾ ਸਾਥ
ਮੈ ਜਿਉਣਾ ਚਾਉਦੀ ਹਾਂ ਇੱਕੋ ਹੀ ਜਨਮ
ਜੀਅ ਭਰਕੇ,ਆਪਣੀ ਰੂਹ ਭਰ ਕੇ

-ਜਸਵੀਰ ਕੌਰ ਮੰਗੂਵਾਲ
1:09 PM | 1 ਪਾਠਕ/ਪਾਠਕਾਂ ਦੇ ਵਿਚਾਰ ਪੜ੍ਹੋ। ਆਪਣੇ ਵਿਚਾਰ ਦਿਓ

ਸੱਥ

ਕਹਾਣੀਆਂ

ਰੇਡੀਓ

Radio

ਸ਼ਖ਼ਸੀਅਤ

ਮਦਦ

ਕਾਵਿ-ਸੰਵਾਦ

ਪੰਜਾਬੀ ਲਾਇਬ੍ਰੇਰੀ

ਪਾਠਕ

ਸਾਡੇ ਕਵੀ